ਗੁਰੂ ਅਮਰਦਾਸ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਗੁਰੂ ਅਮਰਦਾਸ (1479–1574): ਗੁਰੂ ਅਮਰਦਾਸ ਦਸ ਗੁਰੂ ਸਾਹਿਬਾਨ ਵਿੱਚੋਂ ਤੀਸਰੇ ਸਿੱਖ ਧਰਮ ਦੇ ਗੁਰੂ ਸਨ। ਆਪ ਦਾ ਜਨਮ ਪਿੰਡ ਬਾਸਰਕੇ ਜ਼ਿਲ੍ਹਾ ਅੰਮ੍ਰਿਤਸਰ ਵਿੱਚ 1479 ਵਿੱਚ ਹੋਇਆ। ਗੁਰੂ ਅੰਗਦ ਦੇਵ ਦੀ ਪੁੱਤਰੀ ਬੀਬੀ ਅਮਰੋ ਪਾਸੋਂ ਨਾਨਕ ਬਾਣੀ ਸੁਣਨ ਉਪਰੰਤ ਆਪ ਚੋਖੀ ਵਡੇਰੀ ਉਮਰ ਵਿੱਚ ਗੁਰੂ ਅੰਗਦ ਦੇਵ ਦੀ ਸੰਗਤ ਵਿੱਚ ਆਏ। ਗੁਰਮਤਿ ਜੀਵਨ-ਜਾਚ ਨੂੰ ਨਿਮਰਤਾ ਤੇ ਸੇਵਾ-ਭਾਵਨਾ ਨਾਲ ਆਪ ਨੇ ਅਜਿਹਾ ਆਤਮਸਾਤ ਕੀਤਾ ਕਿ ਗੁਰੂ ਅੰਗਦ ਦੇਵ ਨੇ ਆਪ ਨੂੰ ਗੁਰੂ ਨਾਨਕ ਦੀ ਗੱਦੀ ਦਾ ਤੀਸਰਾ ਵਾਰਸ ਥਾਪ ਦਿੱਤਾ। ਆਪ ਨੇ ਪਹਿਲੇ ਦੋ ਗੁਰੂ ਸਾਹਿਬਾਨ ਦੀ ਬਾਣੀ ਸਮੇਤ ਭਗਤਾਂ ਦੀ ਰਚਨਾ ਨੂੰ ਸੰਗ੍ਰਹਿਤ ਕਰਨ ਦਾ ਇਤਿਹਾਸਿਕ ਮਹੱਤਵ ਦਾ ਕਾਰਜ ਕੀਤਾ, ਜਿਸ ਸਦਕਾ ਮਗਰੋਂ ਗੁਰੂ ਅਰਜਨ ਦੇਵ ਦੁਆਰਾ ਆਦਿ ਗ੍ਰੰਥ ਦੀ ਸੰਪਾਦਨਾ ਸੰਭਵ ਹੋ ਸਕੀ। ਸਿੱਖ ਧਰਮ ਨੂੰ ਸੰਸਥਾਈ ਰੂਪ ਪ੍ਰਦਾਨ ਕਰਨ ਦਾ ਕਾਰਜ ਵੀ ਗੁਰੂ ਅਮਰਦਾਸ ਦੁਆਰਾ ਹੀ ਅਰੰਭ ਹੋਇਆ। ਗੋਇੰਦਵਾਲ ਵਿੱਚ ਪਹਿਲਾ ਸਿੱਖ ਸੰਸਥਾਨ ਆਪ ਦੁਆਰਾ ਹੀ ਸਥਾਪਿਤ ਕੀਤਾ ਗਿਆ, ਜਿੱਥੇ ਸੰਗਤ ਵਿੱਚ ਨਾਮ ਬਾਣੀ ਦੇ ਪ੍ਰਵਾਹ ਦੇ ਨਾਲ-ਨਾਲ ਪੰਗਤ ਵਿੱਚ ਬੈਠ ਕੇ ਲੰਗਰ ਛੱਕਣ ਦਾ ਆਦੇਸ਼ ਊਚ-ਨੀਚ ਤੇ ਜਾਤ-ਪਾਤ ਵਿੱਚ ਫਸੇ ਸਮਾਜ ਲਈ ਗੁਰੂ ਅਮਰਦਾਸ ਦਾ ਮਨੁੱਖ ਮਾਤਰ ਲਈ ਬਰਾਬਰੀ ਦਾ ਅਮਲੀ ਸੁਨੇਹਾ ਸੀ। ਆਪ ਦੀ ਪੁੱਤਰੀ ਬੀਬੀ ਭਾਨੀ ਦੀ ਸ਼ਾਦੀ ਭਾਈ ਜੇਠਾ ਨਾਲ ਹੋਈ, ਜੋ ਗੁਰੂ ਰਾਮਦਾਸ ਦੇ ਰੂਪ ਵਿੱਚ ਚੌਥੇ ਸਿੱਖ ਗੁਰੂ ਵਜੋਂ ਸ਼ਸ਼ੋਭਿਤ ਹੋਏ। ਬੀਬੀ ਭਾਨੀ ਦੀ ਵੰਸ਼ ਵਿੱਚੋਂ ਹੀ ਮਗਰੋਂ ਸਿੱਖ ਗੁਰੂ ਸਾਹਿਬਾਨ ਦੀ ਲੀਹ ਚੱਲੀ। ਆਪ 1574 ਵਿੱਚ ਜੋਤੀ-ਜੋਤ ਸਮਾ ਗਏ।

     ਆਦਿ ਗ੍ਰੰਥ ਵਿੱਚ ਕੁੱਲ 31 ਰਾਗਾਂ ਵਿੱਚੋਂ 18 ਰਾਗਾਂ ਵਿੱਚ ਗੁਰੂ ਅਮਰਦਾਸ ਦੀ ਬਾਣੀ ਅੰਕਿਤ ਹੈ। ਇਹ ਰਾਗ ਹਨ: ਸਿਰੀ ਰਾਗ, ਮਾਝ, ਗਉੜੀ, ਆਸਾ, ਗੂਜਰੀ, ਬਿਹਾਗੜਾ, ਵਡਹੰਸ, ਸੋਰਠ, ਧਨਾਸਰੀ, ਸੂਹੀ, ਬਿਲਾਵਲ, ਰਾਮਕਲੀ, ਮਾਰੂ, ਭੈਰਉ, ਬਸੰਤ, ਸਾਰੰਗ, ਮਲਾਰ ਅਤੇ ਪ੍ਰਭਾਤੀ। ਰਾਗਾਂ ਤੋਂ ਇਲਾਵਾ ਕੁਝ ਹੋਰ ਬਾਣੀ ਵੀ ਹੈ, ਜੋ ਭਗਤ ਕਬੀਰ ਅਤੇ ਸ਼ੇਖ਼ ਫ਼ਰੀਦ ਦੇ ਸਲੋਕਾਂ ਨਾਲ ਅਤੇ ‘ਸਲੋਕ ਵਾਰਾਂ ਤੇ ਵਧੀਕ’ ਸਿਰਲੇਖ ਅਧੀਨ ਬਾਣੀ ਦਰਜ ਹੈ। ਆਪ ਨੇ ਚਉਪਦੇ, ਅਸ਼ਟ- ਪਦੀਆਂ, ਸੋਲਹੇ ਅਤੇ ਛੰਤ ਵੀ ਰਚੇ ਹਨ। ਲੰਮੇਰੇ ਆਕਾਰ ਵਾਲੀਆਂ ਗੁਰੂ ਅਮਰਦਾਸ ਦੀਆਂ ਰਚਨਾਵਾਂ ਵਿੱਚ ਅਨੰਦ, ਅਲਾਹੁਣੀਆਂ, ਪੱਟੀ ਅਤੇ ਵਾਰ ਸਤ ਸ਼ਾਮਲ ਹਨ। ਇਹਨਾਂ ਤੋਂ ਇਲਾਵਾ ਰਾਗ ਗੂਜਰੀ, ਰਾਗ ਸੂਹੀ, ਰਾਗ ਰਾਮਕਲੀ ਅਤੇ ਰਾਗ ਮਾਰੂ ਵਿੱਚ ਆਪ ਨੇ ਚਾਰ ਵਾਰਾਂ ਦੀ ਰਚਨਾ ਕੀਤੀ ਹੈ। ਆਪ ਦੀ ਰਚਨਾ ਦੇ ਸ਼ਬਦਾਂ ਸਲੋਕਾਂ ਦੀ ਕੁੱਲ ਗਿਣਤੀ 885 ਹੈ।

     ਗੁਰੂ ਅਮਰਦਾਸ ਦੀਆਂ ਲੰਮੀਆਂ ਰਚਨਾਵਾਂ ਵਿੱਚੋਂ ਰਾਮਕਲੀ ਰਾਗ ਵਿੱਚ ਅਨੰਦ ਜਿਸ ਨੂੰ ਸਿੱਖ ਜਗਤ ਵਿੱਚ ਸਤਿਕਾਰ ਵਜੋਂ ਅਨੰਦ ਸਾਹਿਬ ਕਿਹਾ ਜਾਂਦਾ ਹੈ, ਪ੍ਰਮੁਖ ਰਚਨਾ ਹੈ। ਗੁਰੂ ਸਾਹਿਬ ਨੇ ਇਸ ਰਚਨਾ ਵਿੱਚ ਮਨੁੱਖ ਦੀ ਸਰਬ-ਉੱਚ ਪ੍ਰਾਪਤੀ ਨੂੰ ਅਨੰਦ ਦੇ ਰੂਪ ਵਿੱਚ ਪਰਿਭਾਸ਼ਿਤ ਕੀਤਾ ਹੈ। ਇਹ ਰਚਨਾ ਉਸ ਰੂਹਾਨੀ ਅਨੰਦ ਦਾ ਬੋਧ ਕਰਾਉਂਦੀ ਹੈ, ਜਿਹੜਾ ਲੌਕਿਕ ਸੁੱਖ-ਦੁੱਖ ਨਾਲੋਂ ਵੱਖਰਾ ਤੇ ਉਚੇਰਾ ਹੈ। 40 ਪਉੜੀਆਂ ਉੱਤੇ ਆਧਾਰਿਤ ਇਸ ਬਾਣੀ ਦੀਆਂ ਪਹਿਲੀਆਂ ਪੰਜ ਪਉੜੀਆਂ ਅਤੇ ਅੰਤਲੀ ਪਉੜੀ ਦਾ ਪਾਠ ਜਾਂ ਗਾਇਨ ਖ਼ੁਸ਼ੀ ਜਾਂ ਗ਼ਮੀ ਦੇ ਹਰ ਮੌਕੇ ਉੱਤੇ ਸਿੱਖ ਜਗਤ ਵਿੱਚ ਕੀਤਾ ਜਾਂਦਾ ਹੈ। ਰਾਗ ਵਡਹੰਸ ਵਿੱਚ ਰਚੀਆਂ ਚਾਰ ਅਲਾਹੁਣੀਆਂ ਵੀ ਗੁਰੂ ਅਮਰਦਾਸ ਦੀਆਂ ਮਹੱਤਵਪੂਰਨ ਰਚਨਾਵਾਂ ਹਨ। ਸੋਗ ਤੇ ਵਾਰਤਾਲਾਪ ਨਾਲ ਸੰਬੰਧਿਤ ਇਸ ਲੋਕ-ਕਾਵਿ ਰੂਪ ਨੂੰ ਗੁਰੂ ਸਾਹਿਬ ਨੇ ਦੁੱਖ ਜਾਂ ਉਦਾਸੀ ਦੇ ਭਾਵਾਂ ਦਾ ਸੰਚਾਰ ਕਰਨ ਦੀ ਬਜਾਏ ਮਨੁੱਖ ਨੂੰ ਸੰਸਾਰਿਕਤਾ ਤੋਂ ਮੁਕਤ ਹੋਣ ਦਾ ਸੰਦੇਸ਼ ਦੇਣ ਲਈ ਵਰਤਿਆ ਹੈ। ‘ਵਾਰ ਸਤ’ ਰਚਨਾ ਵਿੱਚ ਵੀ ਲੋਕ ਕਾਵਿ-ਰੂਪ ਸਤਵਾਰਾ ਨੂੰ ਕੇਵਲ ਰਚਨਾ-ਜੁਗਤ ਵਜੋਂ ਵਰਤਦਿਆਂ ਹੋਇਆਂ ਗੁਰਮਤਿ ਵਿਚਾਰਧਾਰਾ ਤੇ ਜੀਵਨ ਜਾਚ ਦਾ ਨਿਰੂਪਣ ਕੀਤਾ ਹੈ।

     ਗੁਰਮਤਿ ਜੀਵਨ-ਜਾਚ ਦੇ ਨਵੇਕਲੇ ਚਰਿੱਤਰ ਨੂੰ ਹੋਰਨਾਂ ਮਤਾਂ-ਮਤਾਂਤਰਾਂ ਦੀ ਤੁਲਨਾ ਵਿੱਚ ਰੱਖ ਕੇ ਪੇਸ਼ ਕਰਨ ਦਾ ਉਪਰਾਲਾ ਗੁਰੂ ਅਮਰਦਾਸ ਦੀ ਬਾਣੀ ਦੇ ਵਿਸ਼ੇ-ਖੇਤਰ ਦਾ ਮੁੱਖ ਲੱਛਣ ਹੈ। ਸਮਕਾਲੀ ਜੀਵਨ ਵਿੱਚ ਪ੍ਰਚਲਿਤ ਬੇਲੋੜੇ ਕਰਮ-ਕਾਂਡ ਅਤੇ ਆਡੰਬਰੀ ਸਾਧਨਾਂ ਦਾ ਖੰਡਨ ਵੀ ਆਪ ਦੀ ਬਾਣੀ ਵਿੱਚ ਹੋਇਆ ਮਿਲਦਾ ਹੈ। ਧਰਮ ਦੇ ਹਕੀਕੀ ਰੂਹਾਨੀ ਅਰਥਾਂ ਨੂੰ ਸਥਾਪਿਤ ਕਰਦੀ ਗੁਰੂ ਅਮਰਦਾਸ ਦੀ ਬਾਣੀ ਬ੍ਰਾਹਮਣਵਾਦੀ ਜਾਤੀ ਪ੍ਰਥਾ ਦਾ ਵੀ ਤਿੱਖਾ ਖੰਡਨ ਕਰਦੀ ਹੈ। ਗੁਰੂ ਸਾਹਿਬ ਨੇ ਕੁਲੀਨ ਵਰਗ ਦੇ ਜਾਤੀ ਅਭਿਮਾਨ ਦਾ ਖੰਡਨ ਕਰਦਿਆਂ ਬ੍ਰਹਮ ਬਿੰਦ ਤਹ ਸਭ ਓਪਤਿ ਹੋਈ ਦੀ ਰੂਹਾਨੀ ਦਲੀਲ ਦਿੱਤੀ ਹੈ :

ਜਾਤਿ ਦਾ ਗਰਬੁ ਨ ਕਰੀਅਹੁ ਕੋਈ।

ਬ੍ਰਹਮੁ ਬਿੰਦੇ ਸੋ ਬ੍ਰਾਹਮਣੁ ਹੋਈ।

ਜਾਤਿ ਕਾ ਗਰਬੁ ਨਾ ਕਰਿ ਮੂਰਖ ਗਵਾਰਾ।

          ਇਸੁ ਗਰਬ ਤੇ ਚਲਹਿ ਬਹੁਤੁ ਵਿਕਾਰਾ।

     ਧਾਰਮਿਕ ਪ੍ਰਾਪਤੀ ਲਈ ਬਾਹਰਮੁਖੀ ਭੇਖ ਧਾਰਨ ਨੂੰ ਮਹੱਤਵਹੀਣ ਦਰਸਾਂਦਿਆਂ ਹੋਇਆਂ ਗੁਰੂ ਸਾਹਿਬ ਨੇ ਸੱਚ ਤੇ ਸੰਜਮ ਦੇ ਅੰਤਰਮੁਖੀ ਮਾਰਗ ਉੱਤੇ ਚੱਲਣ ਦਾ ਸੰਦੇਸ਼ ਦਿੱਤਾ ਹੈ। ਪ੍ਰਵਿਰਤੀ ਮਾਰਗ ਅਤੇ ਨਿਵਿਰਤੀ ਮਾਰਗ ਵਿਚਕਾਰ ਸੰਤੁਲਨ ਬਿਠਾਉਂਦਿਆਂ ਗੁਰੂ ਸਾਹਿਬ ਨੇ ਗ੍ਰਿਹ ਹੀ ਮਾਹਿ ਉਦਾਸੁ ਦਾ ਰਾਹ ਵਿਖਾਇਆ ਹੈ।

     ਗੁਰੂ ਅਮਰਦਾਸ ਨੇ ਹਿੰਦੂ ਸਮਾਜ ਵਿੱਚ ਪ੍ਰਚਲਿਤ ਸਤੀ ਪ੍ਰਥਾ ਦਾ ਵੀ ਭਰਪੂਰ ਖੰਡਨ ਕੀਤਾ ਹੈ। ਇਸਤਰੀ ਦੇ ਆਪਣੇ ਮ੍ਰਿਤ ਪਤੀ ਦੀ ਲਾਸ਼ ਦੇ ਨਾਲ ਹੀ ਚਿਤਾ ਵਿੱਚ ਸੜ ਜਾਣ ਦੀ ਅਮਾਨਵੀ ਪ੍ਰਥਾ ਦੇ ਵਿਰੋਧ ਵਿੱਚ ਆਪ ਦੀ ਬਾਣੀ ਦੀਆਂ ਪੰਕਤੀਆਂ ਹਨ :

ਸਤੀਆ ਏਹਿ ਨਾ ਆਖੀਅਨਿ ਜੋ ਮੜਿੳ ਲਗਿ ਜਲੰਨਿ।

          ਨਾਨਕ ਸਤੀਆ ਜਾਣੀਅਨਿ ਜਿ ਬਿਰਹੇ ਚੋਟ ਮਰੰਨਿ।

     ਗੁਰੂ ਸਾਹਿਬ ਨੇ ਸਤੀ ਦੇ ਸੰਕਲਪ ਨੂੰ ਪੁਨਰ ਪਰਿਭਾਸ਼ਿਤ ਕਰਦਿਆਂ ਇਸਤਰੀ ਪੁਰਖ ਸੰਬੰਧਾਂ ਨੂੰ ਵਫ਼ਾਦਾਰੀ ਅਤੇ ਸਿਦਕ ਦੇ ਨਵੇਂ ਪ੍ਰਤਿਮਾਨ ਦੇਣ ਦਾ ਉਪਰਾਲਾ ਕੀਤਾ ਹੈ। ਇਸ ਤਰ੍ਹਾਂ ਸਤੀ ਪ੍ਰਥਾ ਦੇ ਵਿਰੋਧ ਤੋਂ ਅਗਾਂਹ ਜਾ ਕੇ ਗੁਰੂ ਸਾਹਿਬ ਵੱਲੋਂ ਬਰਾਬਰੀ ਤੇ ਪਿਆਰ ਦੇ ਆਧਾਰ ਉੱਤੇ ਰਿਸ਼ਤਿਆਂ ਦੀ ਉਸਾਰੀ ਦਾ ਸੰਦੇਸ਼ ਦਿੱਤਾ ਗਿਆ ਹੈ। ਆਪਣੇ ਜੀਵਨ ਤੇ ਆਪਣੀ ਬਾਣੀ ਦੋਹਾਂ ਹੀ ਰੂਪਾਂ ਰਾਹੀਂ ਗੁਰੂ ਅਮਰਦਾਸ ਨੇ ਮਨੁੱਖ ਨੂੰ ਅਧਿਆਤਮਿਕ ਮੰਜ਼ਲ ਦੀ ਪ੍ਰਾਪਤੀ ਅਤੇ ਸੰਤੁਲਿਤ ਸਮਾਜਿਕ ਜੀਵਨ ਦੇ ਰਾਹ ਉੱਤੇ ਤੋਰਨ ਦਾ ਉਪਰਾਲਾ ਕੀਤਾ ਹੈ।


ਲੇਖਕ : ਰਘਬੀਰ ਸਿੰਘ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 10263, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.